ਜੇ ਮੈਂ ਮਰ ਗਿਆ
Translated to Punjabi by @jasdeepਜੇ ਮੈਂ ਮਰ ਗਿਆ
ਜੇ ਮੈਂ ਮਰ ਗਿਆ
ਤਾਂ ਤੈਨੂੰ ਜਿਉਂਦੇ ਰਹਿਣਾ ਪੈਣੈ
ਮੇਰੀ ਕਹਾਣੀ ਕਹਿਣ ਲਈ
ਮੇਰਾ ਸਾਮਾਨ ਨੀਲਾਮ ਕਰਨ ਲਈ
ਕੁਝ ਕੱਪੜਾ ਤੇ ਕੁਝ ਧਾਗੇ ਖਰੀਦਣ ਲਈ
ਇਸ ਕੱਪੜੇ ਤੇ ਧਾਗੇ ਨਾਲ਼ ਤੂੰ ਲੰਬੀ ਪੂਛ ਵਾਲ਼ਾ ਪਤੰਗ ਬਣਾਈਂ
ਤਾਂ ਕਿ ਜਦ ਗਾਜ਼ਾ ਦਾ ਕੋਈ ਬੱਚਾ
ਅਸਮਾਨ ਵੱਲ ਝਾਕੇ
ਅਪਣੇ ਉਸ ਪਿਓ ਦੀ ਉਡੀਕ ਵਿਚ
ਜਿਹੜਾ ਅੱਗ ਬਭੂਕੇ ਦੇ ਕਹਿਰ ਚ ਚਲਾ ਗਿਆ
ਅਲਵਿਦਾ ਕਹਿਕੇ ਨਾ ਗਿਆ
ਚਲਾ ਗਿਆ ਅਪਣੇ ਜਿਸਮ ਤੋਂ ਬਗ਼ੈਰ
ਅਤੇ ਅਪਣੇ ਆਪ ਤੋਂ ਬਗ਼ੈਰ-
ਤੇ ਜੇ ਇਹ ਬੱਚਾ ਅਸਮਾਨ ਵਿਚ ਉਡ ਰਿਹਾ ਪਤੰਗ ਦੇਖੇ
ਪਤੰਗ ਜੋ ਤੂੰ ਮੇਰੇ ਚੋਂ ਬਣਾਇਆ
ਤੇ ਇਕ ਪਲ ਲਈ ਸੋਚੇ
ਕਿ ਕੋਈ ਫਰਿਸ਼ਤਾ ਹੈ ਉਡ ਰਿਹਾ
ਉਸਦੇ ਪਿਉ ਦੇ ਪਿਆਰ ਦਾ, ਦੁਲਾਰ ਦਾ ਸੁਨੇਹਾ ਲੈ ਕੇ
ਜੇ ਮੈ ਮਰ ਗਿਆ
ਤਾਂ ਇਸ ਪਤੰਗ ਨੂੰ ਉਮੀਦ ਬਣਨ ਦੇਵੀਂ
ਤੇ ਇਕ ਕਹਾਣੀ ਬਣਨ ਦੇਵੀਂ